ਮਹਿਲ ਕਲਾਂ,  (ਗੁਰਸੇਵਕ ਸਿੰਘ ਸਹੋਤਾ)    ਕਰੋਨਾਵਾਇਰਸ ਮਹਾਂਮਾਰੀ ਦੇ ਚੱਲਦਿਆ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦਰਮਿਆਨ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਤੋਂ ਕੁੱਝ ਮਜਦੂਰ ਬੇਰੁਜਗਾਰੀ ਦੇ ਚੱਲਦਿਆ ਆਪਣੇ ਸੂਬੇ ਨੂੰ ਤੁਰਨ ਲੱਗੇ ਹਨ।ਰਾਜਸਥਾਨ,ਉੱਤਰ ਪ੍ਰਦੇਸ਼ ਜਾਣ ਲਈ ਲੁਧਿਆਣਾ ਤੋਂ ਤੁਰ ਕੇ ਮਹਿਲ ਕਲਾਂ ਪਹੁੰਚੇ ਦਰਜਨ ਭਰ ਮਜਦੂਰਾਂ ਨੇ ਦੱਸਿਆ ਕਿ ਉਹ ਸ਼ਹਿਰ ਵਿੱਚ ਰਿਕਸ਼ਾ ਚਲਾਉਣ/ਸਫਾਈ ਕਰਨ/ਮਜਦੂਰੀ ਆਦਿ ਕੰਮ ਕਰਦੇ ਸਨ ਤੇ ਗੁਜਾਰਾ ਕਰਦੇ ਸਨ ਪਰ ਹੁਣ ਇੱਕ ਤਾਂ ਉਹਨਾਂ ਕੋਲ ਰਾਸ਼ਨ ਮੁੱਕ ਗਿਆ ਹੈ ਤੇ ਦੂਸਰਾ ਮੁਸੀਬਤ ਦੀ ਇਸ ਘੜੀ ਵਿੱਚ ਉਹ ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦੇ ਹਨ।ਮਹਿਲ ਕਲਾਂ ਵਿਖੇ ਲੋਕ  ਭਲਾਈ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਫਿਰੋਜ ਖਾਨ ,ਅਵਤਾਰ ਸਿੰਘ ਗਿੱਲ ਮਹਿਲ ਖੁਰਦ,ਗੁਰਸੇਵਕ ਸਿੰਘ ਸਹੋਤਾ,ਸਮਾਜ ਸੇਵੀ ਸੰਸਥਾਵਾਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਮਜਦੂਰਾਂ ਨੂੰ ਲੰਗਰ ਛਕਾਇਆ ਗਿਆ ਅਤੇ ਉਨ੍ਹਾਂ ਨੂੰ ਕਸਬੇ ਦੇ ਮੋਹਤਵਰਾਂ ਨੇ ਕੁੱਝ ਦਿਨ ਰੁਕਣ ਲਈ ਵੀ ਅਪੀਲ ਕੀਤੀ ਪਰ ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਭਿਆਨਕ ਮਹਾਂਮਾਰੀ ਦੇ ਚੱਲਦਿਆ ਉਨ੍ਹਾਂ ਦੇ ਜੱਦੀ ਪਿੰਡ ਉਹਨਾਂ ਦੇ ਬੱਚੇ ਮੁਸੀਬਤ ਵਿੱਚ ਹਨ ਇਸ ਲਈ ਉਹ ਪਿੰਡ ਜਾਣਾ ਚਾਹੁੰਦੇ ਹਨ।
ਇਨ੍ਹਾਂ ਮਜਦੂਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਰਫਿਊ ਲਗਾਉਣ ਦੀ ਪ੍ਰਵਾਸੀ ਮਜਦੂਰਾਂ ਨੂੰ ਅਗਾਂਊ ਸੂਚਨਾ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਮੁਸੀਬਤ ਵਿੱਚ ਫਸੇ ਹਨ ਅਤੇ ਜੇਕਰ ਕੁੱਝ ਦਿਨ ਹੋਰ ਕਰਫਿਊ ਜਾਰੀ ਰਿਹਾ ਤਾਂ ਲੁਧਿਆਣਾ ਤੋਂ ਹੋਰ ਵੀ ਮਜਦੂਰ ਆਪਣੇ ਆਪਣੇ ਸੂਬਿਆਂ ਨੂੰ ਤੁਰ ਸਕਦੇ ਹਨ।
WhatsAppFacebookTwitterEmailShare

LEAVE A REPLY

Please enter your comment!
Please enter your name here