ਬਠਿੰਡਾ 20 ਅਕਤੂਬਰ (ਮੱਖਣ ਸਿੰਘ ਬੁੱਟਰ ) : ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮਾੜੀ ਸਿੱਖਾਂ ਮਹਿਰਾਜ ਦਾ ਫੈਸਲਾ ਪਿਛਲੇ ਸਮੇਂ ਐਸ.ਡੀ.ਐਮ ਫੂਲ ਵੱਲੋਂ ਭੁੱਲਰ ਭਾਈਚਾਰੇ ਦੇ ਹੱਕ ਵਿੱਚ ਕਰ ਦਿੱਤਾ ਗਿਆ ਹੈ ਸੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਤਹਿਸੀਲਦਾਰ ਫੂਲ ਕਮ ਰਸੀਵਰ ਨੇ ਉਕਤ ਫ਼ੈਸਲੇ ਅਨੁਸਾਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਭੁੱਲਰ ਭਾਈਚਾਰੇ ਨੂੰ ਸੌਂਪ ਦਿੱਤਾ ਗਿਆ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਗਤ ਨੇ ਕਾਫੀ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਸੀ ਅਤੇ ਹੁਣ ਪਿਛਲੇ ਕਾਫ਼ੀ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰ ਰਹੀ ਸੀ। ਪਿਛਲੇ ਕੁਝ ਸਮੇਂ ਤੋਂ ਭੁੱਲਰ ਭਾਈਚਾਰਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਚੱਲ ਰਹੇ ਵਿਵਾਦ ਤੋਂ ਬਾਅਦ ਇਥੇ ਦਫਾ 145 ਲਗ ਗਈ ਸੀ। ਪ੍ਰੰਤੂ ਹੁਣ ਫ਼ੈਸਲਾ ਭੁੱਲਰ ਭਾਈਚਾਰੇ ਦੇ ਹੱਕ ਵਿਚ ਆਉਣ ਕਰਕੇ ਸਿੱਧੂ ਭਾਈਚਾਰੇ ਵਿੱਚ ਸਖ਼ਤ ਰੋਸ ਦੀ ਲਹਿਰ ਚੱਲ ਰਹੀ ਹੈ। ਇਸ ਸਬੰਧ ਵਿਚ ਅੱਜ ਇੱਕ ਹੰਗਾਮੀ ਮੀਟਿੰਗ ਕੋਠੇ ਮਹਾਂ ਸਿੰਘ ਮਹਿਰਾਜ ਵਿਖੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਕਰਮਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ,ਜਥੇਦਾਰ ਸ਼ੇਰ ਸਿੰਘ ਮਹਿਰਾਜ, ਅਵਤਾਰ ਸਿੰਘ ਸਾਬਕਾ ਸਰਪੰਚ, ਦਵਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗਰਮੀਤ ਸਿੰਘ, ਕੌਰ ਸਿੰਘ, ਲਾਭ ਸਿੰਘ, ਬਲਜੀਤ ਸਿੰਘ ਮੈਂਬਰ, ਲਖਰਾਜ ਸਿੰਘ ਜ਼ੈਲਦਾਰ, ਦਰਸ਼ਨ ਸਿੰਘ, ਗੁਰਲਾਲ ਸਿੰਘ ਮਾਸਟਰ ਆਦਿ ਸ਼ਾਮਲ ਹੋਏ ਅਤੇ ਅਗਲੀ ਰਣਨੀਤੀ ਲਈ ਖੁੱਲ੍ਹ ਕੇ ਵਿਚਾਰਾਂ ਹੋਈਆਂ। ਇਕੱਤਰ ਹੋਏ ਸਿੱਧੂ ਭਾਈਚਾਰੇ ਵੱਲੋਂ ਇਸ ਸੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਵੀ ਫ਼ੈਸਲਾ ਕੀਤਾ ਗਿਆ