ਰਈਆ, 28 ਅਕਤੂਬਰ (ਕਮਲਜੀਤ ਸੋਨੂੰ ) ਕਸਬਾ ਰਈਆ ਦੀ ਲਵਲੀ ਸਵੀਟ ਵਾਲੀ ਗਲੀ ਵਿੱਚ ਅੱਜ ਤੜਕੇ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਨੌਜਵਾਨ ਵੱਲੋਂ ਘਰ ਚ ਦਾਖਲ ਹੋ ਕੇ ਮਾਂ ਪੁੱਤ ਤੇ ਹਮਲਾ ਕਰ ਦਿਤਾ ਗਿਆ ਜਿਸ ਨਾਲ ਮਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਲੜਕਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਅਕਸ਼ੇ ਕੁਮਾਰ ਪੁੱਤਰ ਹਰਜਿੰਦਰ ਕੁਮਾਰ ਟੁਣਕੀ ਅੱਜ ਸਵੇਰੇ ੬ ਵਜੇ ਦੇ ਕਰੀਬ ਆਪਣੀ ਗਲੀ ਵਿੱਚ ਹੀ ਰਹਿੰਦੇ ਕੇਵਲ ਕਿਸ਼ਨ ਛਾਬੜਾ ਦੇ ਘਰ ਦਾਖਲ ਹੋਇਆ ਤੇ ਉਹ ਸਿੱਧਾ ਕੇਵਲ ਕਿਸ਼ਨ ਦੀ ਪਤਨੀ ਰੇਖਾ ਰਾਣੀ ਜੋ ਆਪਣੇ ਕਮਰੇ ਵਿੱਚ ਪੂਜਾ ਕਰ ਰਹੀ ਸੀ” ਦੇ ਕਮਰੇ ਵਿੱਚ ਗਿਆ ਤੇ ਉਸ ਨੇ ਕਿਸੇ ਤੇਜ ਧਾਰ ਹਥਿਆਰ ਨਾਲ ਉਸਦੇ ਮੂੰਹ ਤੇ ਵਾਰ ਕਰ ਦਿਤਾ ਤੇ ਉਸ ਨੂੰ ਬਚਾਅ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਉਹ ਉਥੇ ਹੀ ਢੇਰ ਹੋ ਗਈ।ਇਸ ਤੋਂ ਬਾਅਦ ਉਹ ਮ੍ਰਿਤਕਾ ਦੇ ਲੜਕੇ ਕਾਰਤਿਕ ਛਾਬੜਾ(੨੭) “ਜੋ ਦੂਜੇ ਕਮਰੇ ਵਿੱਚ ਸੌਂ ਰਿਹਾ ਸੀ” ਦੇ ਕਮਰੇ ਵਿੱਚ ਗਿਆ ਤੇ ਉਸੇ ਹਥਿਆਰ ਨਾਲ ਉਸ ਦੇ ਸੁੱਤੇ ਪਏ ਦੇ ਸਿਰ ਤੇ ਵਾਰ ਕਰ ਦਿੱਤੇ।ਉਹ ਉੇੱਠ ਕੇ ਦੋਸ਼ੀ ਨਾਲ ਹੱਥੋਪਾਈ ਹੋ ਗਿਆ ।ਇਸ ਦੌਰਾਨ ਦੋਸ਼ੀ ਨੇ ਕਾਰਤਿਕ ਦੀਆਂ ਉਗਲਾਂ ਦੰਦਾਂ ਨਾਲ ਚਿੱਥ ਦਿਤੀਆਂ।ਜਖਮੀ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਾਇਆ ਗਿਆ ਹੈ।ਦੋਸ਼ੀ ਵਾਰਦਾਤ ਕਰਨ ਤੋਂ ਬਾਅਦ ਘਟਨਾ ਸਥਾਨ ਤੋਂ ਫਰਾਰ ਹੋ ਗਿਆ।ਇਸ ਘਟਨਾ ਦੀ ਵਜ੍ਹਾ ਦੋਸ਼ੀ ਅਕਸ਼ੇ ਅਤੇ ਕਾਰਤਿਕ ਦਰਮਿਆਨ ਕੁਝ ਸਮਾਂ ਪਹਿਲਾਂ ਹੋਈ ਲੜਾਈ ਦੱਸੀ ਜਾਂਦੀ ਹੈ।ਦੋਸ਼ੀ ਦੇ ਪਿਤਾ ਹਰਜਿੰਦਰ ਕੁਮਾਰ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਜਿਸ ਦਾ ਅੱਜ ਚੌਥਾ ਸੀ।ਦੋਸ਼ੀ ਆਪਣੇ ਪਿਤਾ ਦੀ ਮੌਤ ਦੇ ਸਦਮੇ ਨਾਲ ਡਿਪਰੇਸ਼ਨ ਵਿੱਚ ਚਲੇ ਗਿਆ ਸੀ ਆਪਣੇ ਪਿਤਾ ਦੇ ਸਸਕਾਰ ਮੌਕੇ ਉਸ ਨੇ ਨਹਿਰ
ਵਿੱਚ ਛਾਲ ਮਾਰ ਦਿਤੀ ਸੀ ਤੇ ਉਸ ਨੇ ਬਲਦੀ ਚਿਤਾ ਵਿੱਚ ਵੀ ਛਾਲ ਮਾਰਨ ਦੀ ਕੋਸ਼ਿਸ਼ ਕੀਤੀ।ਉਥੇ ਹੀ ਉਹ ਇੱਕ ਸਾਬਕਾ ਵਿਧਾਇਕ ਦੇ ਗੰਨਮੈਨ ਨਾਲ ਵੀ ਹੱਥੋਪਾਈ ਹੋ ਗਿਆ।ਇੱਥੇ ਵਰਨਣਯੋਗ ਹੈ ਦੋਸ਼ੀ ਤੇ ਉਸ ਦਾ ਸਾਰਾ ਪ੍ਰੀਵਾਰ ਅਮਰੀਕਾ ਦਾ ਸਿਟੀਜਨ ਹੈ ਤੇ ਉਹ ਲਾਕ ਡਾਊਨ ਤੋਂ ਪਹਿਲਾਂ ਆਪਣੇ ਪਿਤਾ ਨਾਲ ਭਾਰਤ ਆਇਆ ਸੀ ।ਪੁਲੀਸ ਨੂੰ ਸੂਚਨਾ ਮਿਲਣ ਤੇ ਹਰਕ੍ਰਿਸ਼ਨ ਸਿੰਘ ਡੀ.ਐਸ.ਪੀ ਬਾਬਾ ਬਕਾਲਾ, ਸਿੰਘ ਐਸ.ਐਚ.ਉ ਬਿਆਸ, ਸ਼ਮਸ਼ੇਰ ਸਿੰਘ ਸਿੰਘ ਚੌਕੀ ਇੰਚਾਰਜ ਰਈਆ ਨੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।ਖਬਰ ਲਿਖੇ ਜਾਣ ਤੱਕ ਪੁਲੀਸ ਨੇ ਪਰਚਾ ਦਰਜ ਨਹੀਂ ਸੀ ਕੀਤਾ।ਇਸ ਮੌਕੇ ਪਹੁੰਚੇ ਡੀ.ਐਸ.ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਦੀ ਜਾਂਚ ਚਲ ਰਹੀ ਹੈ ਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ
WhatsAppFacebookTwitterEmailShare

LEAVE A REPLY

Please enter your comment!
Please enter your name here