ਫ਼ਤਹਿਗੜ੍ਹ ਸਾਹਿਬ,ਪਟਿਆਲਾ (ਵਿਕਰਮ,ਮਦਾਨ) “ਕਰੋਨਾ ਵਾਈਰਸ ਦੀ ਮਹਾਮਾਰੀ ਨੇ ਦੁਨੀਆਂ ਵਿਚ ਵੱਡਾ ਸਹਿਮ ਪੈਦਾ ਕਰ ਦਿੱਤਾ ਹੈ, ਕਿਉਂਕਿ ਇਸਦੀ ਰੋਕਥਾਮ ਲਈ ਅਜੇ ਤੱਕ ਵਿਗਿਆਨੀਆਂ ਕੋਲ ਕੋਈ ਦਵਾਈ ਜਾਂ ਹੱਲ ਨਹੀਂ ਕੱਢਿਆ ਜਾ ਸਕਿਆ । ਜਿਸਦੇ ਹੱਲ ਲਈ ਵਿਗਿਆਨੀ ਇਕ ਸਾਲ ਦੇ ਸਮੇਂ ਦੀ ਗੱਲ ਕਰ ਰਹੇ ਹਨ । ਕੇਵਲ ਸਮਾਜਿਕ ਦੂਰੀ ਅਤੇ ਘਰਾਂ ਵਿਚ ਬੰਦ ਰਹਿਣ ਨਾਲ ਹੀ ਇਸ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ । ਇਸ ਨਾਮੁਰਾਦ ਬਿਮਾਰੀ ਦੀ ਆੜ ਲੈਕੇ ਮੋਦੀ ਮੁਤੱਸਵੀ ਹਕੂਮਤ ਅਜਿਹੇ ਫਿਰਕੂ ਅਤੇ ਨਫਰਤ ਭਰੇ ਫੁਰਮਾਨ ਜਾਰੀ ਕਰ ਰਹੀ ਹੈ ਜਿਸ ਨਾਲ ਘੱਟ ਗਿਣਤੀ ਮੁਸ਼ਲਿਮ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੇ ਅਤਿ ਦੁੱਖਦਾਇਕ ਅਤੇ ਵਿਤਕਰੇ ਭਰੇ ਅਮਲ ਕੀਤੇ ਜਾ ਰਹੇ ਹਨ । ਜਦੋਂਕਿ ਇਸ ਬਿਮਾਰੀ ਦੇ ਤੇਜ਼ੀ ਨਾਲ ਵੱਧਣ ਦੀ ਵਜਹ ਸਿੱਖ ਕੌਮ ਜਾਂ ਮੁਸ਼ਲਿਮ ਕੌਮ ਨਹੀਂ, ਬਲਕਿ ਹੁਕਮਰਾਨਾਂ ਦੇ ਇਸ ਬਿਮਾਰੀ ਨਾਲ ਲੜਨ ਦੇ ਦੋਸ਼ਪੂਰਨ ਪ੍ਰਬੰਧਾਂ ਅਤੇ ਦਿਸ਼ਾਹੀਣ ਅਮਲ ਹੀ ਮੁੱਖ ਤੌਰ ਤੇ ਜਿ਼ੰਮੇਵਾਰ ਹਨ । ਪਰ ਆਪਣੇ ਪ੍ਰਬੰਧਕੀ ਅਸਫਲਤਾ ਨੂੰ ਹੁਕਮਰਾਨ ਮੁਸਲਿਮ ਜਾਂ ਸਿੱਖ ਕੌਮ ਉਤੇ ਮੜ੍ਹਕੇ ਕਦੀ ਵੀ ਆਪਣੇ ਮੰਦਭਾਵਨਾ ਭਰੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਮੁਤੱਸਵੀ ਹਕੂਮਤ ਵੱਲੋਂ ਵਿਸ਼ੇਸ਼ ਤੌਰ ਤੇ ਬਾਹਰੋ ਆਉਣ ਵਾਲੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਉਣ ਦੇ ਅਤੇ ਦੋਵਾਂ ਕੌਮਾਂ ਨੂੰ ਬਦਨਾਮ ਕਰਨ ਦੇ ਕੀਤੇ ਜਾ ਰਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਆਪਣੀਆ ਹਕੂਮਤੀ ਜਨਤਾ ਪ੍ਰਤੀ ਜਿ਼ੰਮੇਵਾਰੀਆਂ ਨੂੰ ਸਹੀ ਸਮੇਂ ਤੇ ਸਹੀ ਦਿਸ਼ਾ ਵੱਲ ਅਮਲ ਨਾ ਕਰਨ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿਚ ਮੁਸਲਿਮ ਸਮਾਗਮ ਮਰਕਤ ਸਮੇਂ ਮਸਜਿਦ ਵਿਚ ਮੁਸ਼ਲਿਮ ਕੌਮ ਇਕੱਠੀ ਹੋਈ ਹੈ, ਤਾਂ ਇਸ ਸਥਾਂਨ ਉਤੇ ਤਾਂ ਸਾਊਦੀ ਅਰਬੀਆ, ਸਿੰਘਾਪੁਰ, ਮਲੇਸੀਆ, ਦੁਬਈ ਅਤੇ ਹੋਰ ਕਈ ਮੁਲਕਾਂ ਵਿਚੋਂ ਸਰਧਾਲੂ ਆਏ ਹਨ । ਜਦੋਂ ਇਸ ਮਹਾਮਾਰੀ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਸੀ, ਤਾਂ ਉਨ੍ਹਾਂ ਨੂੰ ਵੀਜੇ ਕਿਉਂ ਦਿੱਤੇ ਗਏ ? ਉਨ੍ਹਾਂ ਨੂੰ ਫਿਰ ਕਰਫਿਊ ਅਤੇ ਲਾਕਡਾਊਨ ਦੀ ਸਥਿਤੀ ਵਿਚ ਦਿੱਲੀ ਦੀ ਮਸਜਿਦ ਵਿਚ ਇੱਕਠੇ ਕਿਉਂ ਹੋਣ ਦਿੱਤਾ ਗਿਆ ? ਉਨ੍ਹਾਂ ਕਿਹਾ ਕਿ ਜਦੋਂ ਇੰਡੀਆ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਲ ਮਸਜਿਦ ਵਿਚ ਖੁਦ ਜਾ ਕੇ ਆਏ ਹਨ ਅਤੇ ਸਥਿਤੀ ਨੂੰ ਕਾਬੂ ਰੱਖਣ ਵਿਚ ਅਸਫਲ ਹੋਏ ਹਨ, ਫਿਰ ਇਸ ਲਈ ਮੁਸ਼ਲਿਮ ਕੌਮ ਕਿਵੇਂ ਦੋਸ਼ੀ ਹੋਈ ? ਇਸੇ ਤਰ੍ਹਾਂ ਬਾਹਰੋ ਆਉਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਬਿਮਾਰੀ ਦੇ ਫੈਲਣ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ । ਜੇਕਰ ਕਰੋਨਾ ਬਿਮਾਰੀ ਦਾ ਖ਼ਤਰਾਂ ਸੀ, ਤਾਂ ਉਨ੍ਹਾਂ ਦੀ ਆਮਦ ਵੇਲੇ ਇੰਡੀਆਂ ਦੇ ਕੌਮਾਂਤਰੀ ਹਵਾਈ ਅੱਡਿਆ ਉਤੇ ਹੀ ਉਨ੍ਹਾਂ ਦੇ ਉਤਰਨ ਸਮੇਂ ਪੂਰੀ ਸੰਜ਼ੀਦਗੀ ਨਾਲ ਜਾਂਚ ਹੋਣੀ ਚਾਹੀਦੀ ਸੀ । ਜੋ ਕਿ ਇੰਡੀਅਨ ਹਕੂਮਤ ਨੇ ਅਣਗਹਿਲੀ ਕੀਤੀ ਹੈ । ਜੇਕਰ ਉਨ੍ਹਾਂ ਵਿਚੋਂ ਕੋਈ ਕਰੋਨਾ ਬਿਮਾਰੀ ਦੇ ਸਿ਼ਕਾਰ ਪਾਏ ਜਾਂਦੇ ਤਾਂ ਉਨ੍ਹਾਂ ਨੂੰ ਸਹੀ ਤਰੀਕੇ ਨਿਗਰਾਨੀ ਹੇਠ ਦੇਖਭਾਲ ਕਰਨਾ ਤੇ ਉਨ੍ਹਾਂ ਦਾ ਇਲਾਜ ਕਰਨਾ ਕਿਸ ਦੀ ਜਿ਼ੰਮੇਵਾਰੀ ਸੀ ? ਜਦੋਂ ਕਰੋਨਾ ਦੁਨੀਆਂ ਭਰ ਵਿਚ ਫੈਲ ਚੁੱਕਾ ਹੈ ਅਤੇ ਵੱਡੀ ਗਿਣਤੀ ਵਿਚ ਰੋਜ਼ਾਨਾ ਹੀ ਮੌਤਾਂ ਅਤੇ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ, ਉਸ ਲਈ ਮੁਸਲਿਮ ਜਾਂ ਸਿੱਖ ਕੌਮ ਨੂੰ ਦੋਸ਼ੀ ਠਹਿਰਾਕੇ ਪ੍ਰਚਾਰ ਸਾਧਨਾਂ ਉਤੇ ਪ੍ਰਚਾਰ ਕਰਕੇ ਦੋਵਾਂ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਉਣ ਦੀ ਹੁਕਮਰਾਨਾਂ ਦੀ ਡੂੰਘੀ ਸਾਜਿ਼ਸ ਨਹੀਂ ਤਾਂ ਹੋਰ ਕੀ ਹੈ ? ਇਸਦੇ ਵੱਧਣ ਦੇ ਜਿ਼ੰਮੇਵਾਰ ਉਹ ਹੁਕਮਰਾਨ ਜਿ਼ੰਮੇਵਾਰ ਹਨ ਜਿਨ੍ਹਾਂ ਨੇ ਇਸ ਵੱਡੀ ਆਫਤ ਦੇ ਟਾਕਰੇ ਲਈ ਕੋਈ ਵੀ ਅਗਾਊ ਨਾ ਤਾਂ ਨੀਤੀ ਬਣਾਈ ਅਤੇ ਨਾ ਹੀ ਆਉਣ ਵਾਲੀਆ ਮੁਸ਼ਕਿਲਾਂ ਦੇ ਹੱਲ ਲਈ ਕੋਈ ਯੋਜਨਾ ਤਹਿ ਕੀਤੀ। ਉਨ੍ਹਾਂ ਮੋਦੀ ਹਕੂਮਤ ਦੀ ਇਸ ਸਾਜਿ਼ਸ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਹਿੰਦੂਤਵ ਹੁਕਮਰਾਨ ਇਸ ਅਤਿ ਸੰਕਟ ਦੀ ਘੜੀ ਵਿਚ ਜਦੋਂ ਹੁਕਮਰਾਨਾਂ ਦੀ ਇਥੋਂ ਦੇ ਨਿਵਾਸੀਆ ਦੇ ਜਾਨ-ਮਾਲ ਦੀ ਹਿਫਾਜਤ ਕਰਨਾ ਵਿਧਾਨਿਕ ਅਤੇ ਸਮਾਜਿਕ ਜਿ਼ੰਮੇਵਾਰੀ ਬਣਦੀ ਹੈ, ਉਨ੍ਹਾਂ ਨੂੰ ਅਜਿਹੀਆ ਜਿ਼ੰਮੇਵਾਰੀਆ ਨੂੰ ਪੂਰਨ ਕਰਨ ਦੀ ਬਜਾਇ ਇਸ ਮੌਤ ਅਤੇ ਪੀੜਾ ਦੇ ਵਿਚੋਂ ਵੀ ਸਿਆਸੀ ਰੋਟੀਆ ਸੇਕਣ ਹਿੱਤ ਅਤੇ ਆਪਣੇ ਹਿੰਦੂਤਵ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਦੋਵਾਂ ਘੱਟ ਗਿਣਤੀ ਕੌਮਾਂ ਮੁਸਲਿਮ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਅਤਿ ਸ਼ਰਮਨਾਕ ਅਮਲ ਕਰ ਰਹੀ ਹੈ । ਸ. ਮਾਨ ਨੇ ਮੋਦੀ ਹਕੂਮਤ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਆਪਣੀਆ ਅਗਾਊ ਪ੍ਰਬੰਧਕੀ ਅਸਫਲਤਾਵਾਂ ਨੂੰ ਮੁਸਲਿਮ ਕੌਮ ਜਾਂ ਸਿੱਖ ਕੌਮ ਦੇ ਸਿਰ ਮੜ੍ਹਨ ਦੇ ਮੰਦਭਾਵਨਾ ਭਰੇ ਅਮਲਾਂ ਨੂੰ ਤੁਰੰਤ ਬੰਦ ਕਰੇ ਅਤੇ ਇਸਦੇ ਇਲਾਜ ਲਈ ਗਊ ਮੂਤਰ ਤੇ ਗਊ ਗੋਬਰ ਦੀ ਵਰਤੋਂ ਕਰਨ ਦੇ ਕੀਤੇ ਜਾ ਰਹੇ ਹਿੰਦੂਤਵ ਪ੍ਰੋਗਰਾਮ ਨੂੰ ਜ਼ਬਰੀ ਘੱਟ ਗਿਣਤੀ ਕੌਮਾਂ ਉਤੇ ਨਾ ਠੋਸੇ । ਕਿਉਂਕਿ ਇਸ ਮੁਲਕ ਦੇ ਮੂਲਨਿਵਾਸੀ ਅਜਿਹੇ ਗੰਦ-ਮੰਦ ਦੀ ਵਰਤੋਂ ਨਾ ਪਹਿਲੇ ਕਰਦੇ ਹਨ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਕਰਨਗੇ । ਇਸਦੇ ਨਾਲ ਹੀ ਅਸੀਂ ਹਿੰਦੂਤਵ ਪ੍ਰੋਗਰਾਮ ਥਾਲੀਆ ਖੜਕਾਉਣ ਦੇ ਹਿੰਦੂਤਵ ਪਾਖੰਡ ਨੂੰ ਨਾ ਅਸੀਂ ਘੱਟ ਗਿਣਤੀ ਕੌਮਾਂ ਨੇ ਪਹਿਲੇ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਕਰਾਂਗੇ ।
ਸ. ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਜੋ ਸ੍ਰੀ ਮੋਦੀ ਮੁਲਕ ਨਿਵਾਸੀਆ ਨੂੰ ਬਿਜਲੀ ਬੰਦ ਕਰਕੇ ਮੋਮਬਤੀਆ ਅਤੇ ਦੀਵੇ ਬਾਲਣ ਦੇ ਹਿੰਦੂਤਵ ਮੰਤਰ ਦੀ ਗੱਲ ਕਰ ਰਹੇ ਹਨ, ਅਸੀਂ ਇਸ ਮੋਦੀ ਹਕੂਮਤ ਨੂੰ ਪੁੱਛਣਾ ਚਾਹਵਾਂਗੇ ਕਿ ਜਦੋਂ ਲੱਖਾਂ-ਕਰੋੜਾਂ ਮਜ਼ਦੂਰ ਅਤੇ ਗਰੀਬਾਂ ਕੋਲ ਨਾ ਦੋ ਸਮੇਂ ਦੀ ਖਾਣ ਲਈ ਰੋਟੀ ਹੈ, ਨਾ ਉਨ੍ਹਾਂ ਦੀਆਂ ਜੇਬਾਂ ਵਿਚ ਲੋੜੀਦੀਆ ਵਸਤਾਂ ਖਰੀਦਣ ਲਈ ਲੋੜੀਦੀ ਦੌਲਤ ਹੈ ਅਤੇ ਨਾ ਹੀ ਉਨ੍ਹਾਂ ਕੋਲ ਆਟਾ, ਦਾਲ ਅਤੇ ਰਸੋਈ ਗੈਸ ਹੈ, ਜਦੋਂ ਸਮੁੱਚਾ ਮੁਲਕ ਕਰਫਿਊ ਅਤੇ ਲਾਕਡਾਊਨ ਦੀ ਹਾਲਤ ਵਿਚ ਹੈ, ਤਾਂ ਉਹ ਮੋਮਬਤੀਆ, ਦੀਵੇ ਤੇ ਤੇਲ ਕਿਥੋ ਲਿਆਉਣਗੇ ? ਇਸਦੇ ਨਾਲ ਸਾਫ਼-ਸੁਥਰਾ ਪ੍ਰਦੂਸ਼ਣ ਤੋਂ ਰਹਿਤ ਸਾਫ਼ ਹੋਇਆ ਵਾਤਾਵਰਨ ਫਿਰ ਤੋਂ ਪ੍ਰਦੂਸ਼ਣ ਵਾਲਾ ਹੋ ਜਾਵੇਗਾ । ਕਿਉਂਕਿ ਇਸ ਨਾਲ ਕਾਰਬਨਡਾਈਆਕਸਾਇਡ ਹਵਾ ਵਿਚ ਵੱਡੀ ਮਾਤਰਾ ਵਿਚ ਘੁਲ ਜਾਵੇਗੀ। ਜੋ ਬਿਮਾਰੀਆ ਨੂੰ ਸੱਦਾ ਦੇਣ ਵਾਲੀ ਗੱਲ ਹੋਵੇਗੀ । ਦੂਸਰਾ ਸਿੱਖ, ਮੁਸਲਿਮ ਅਤੇ ਮੂਲਨਿਵਾਸੀ ਉਨ੍ਹਾਂ ਦੇ ਅਜਿਹੇ ਹਿੰਦੂਤਵ ਪ੍ਰੋਗਰਾਮਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ । ਉਨ੍ਹਾਂ ਸਿੱਖ ਕੌਮ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦਾ ਮਹਾਨ ਵਿਸਾਖੀ ਦਾ ਦਿਹਾੜਾ 13 ਅਪ੍ਰੈਲ ਨੂੰ ਆ ਰਿਹਾ ਹੈ, ਜਿਸ ਦਿਨ ਸਿੱਖ ਕੌਮ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਪੰਜਾ ਸਾਹਿਬ ਵਿਖੇ ਮਨਾਉਦੀ ਹੈ । ਉਸ ਦਿਨ ਹਰ ਸਿੱਖ ਆਪਣੇ ਪੰਜ ਪਿਆਰਿਆ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਨੂੰ ਯਾਦ ਕਰਦੇ ਹੋਏ ਇਸ ਦਿਨ ਨੂੰ ਮਨਾਉਦੀ ਹੈ ਅਤੇ ਖੰਡੇ ਬਾਟੇ ਤੋਂ ਤਿਆਰ ਹੋਏ ਅੰਮ੍ਰਿਤ ਨੂੰ ਪ੍ਰਾਪਤ ਕਰਦੀ ਹੋਈ ਗੁਰੂ ਅਸੂਲਾਂ ਅਤੇ ਨਿਯਮਾਂ ਉਤੇ ਪਹਿਰਾ ਦੇਣ ਅਤੇ ਸਮੁੱਚੀ ਮਨੁੱਖਤਾ ਦੀ ਸਰਬੱਤ ਦੇ ਭਲੇ ਦੀ ਸੋਚ ਅਧੀਨ ਬਿਹਤਰੀ ਕਰਨ ਦਾ ਪ੍ਰਣ ਕਰਦੀ ਹੈ । ਇਸਦੇ ਨਾਲ ਹਰ ਸਿੱਖ ਜਿਥੇ ਸਵੇਰੇ ਮੂਲਮੰਤਰ ਅਤੇ ਸ਼ਾਮ ਨੂੰ ਰਹਿਰਾਸ ਤੋਂ ਬਾਅਦ ਚੋਪਈ ਸਾਹਿਬ ਦਾ ਪਾਠ ਉਚੇਚੇ ਤੌਰ ਤੇ ਕਰਦੇ ਹੋਏ ਅਤੇ ਆਪਣੀਆ ਪੰਜ ਬਾਣੀਆ ਦੇ ਨਿਯਮ ਨੂੰ ਪੂਰਨ ਕਰਦੇ ਹੋਏ ਜਿਥੇ ਸਮੁੱਚੀ ਮਨੁੱਖਤਾ ਨੂੰ ਇਸ ਕਰੋਨਾ ਵਾਈਰਸ ਦੀ ਪੀੜ੍ਹਾ ਤੋਂ ਸਰੂਖਰ ਕਰਨ ਦੀ ਅਰਜੋਈ ਕਰਨ, ਉਥੇ ਉਹ ਇਸ ਮਹਾਨ ਮਨੁੱਖਤਾ ਪੱਖੀ ਦਿਹਾੜੇ ਉਤੇ ਮੋਦੀ ਹਕੂਮਤ ਦੇ ਦੀਵੇ ਜਾਂ ਮੋਮਬਤੀਆ ਬਾਲਣ ਦੇ ਹਿੰਦੂਤਵ ਮੰਤਰ ਨੂੰ ਅਪਣਾਉਣ ਦੀ ਬਜਾਇ ਆਪੋ-ਆਪਣੇ ਇਲਾਕਿਆ, ਗਲੀ-ਮੁਹੱਲਿਆ ਵਿਚ ਸੰਬੰਧਤ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ-ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਦਿਲ-ਆਤਮਾ ਵਿਚ ਮੋਦੀ ਹਕੂਮਤ ਦੀਆਂ ਅਸਫਲਤਾਵਾਂ ਦੀ ਬਦੌਲਤ ਪੈਦਾ ਹੋਏ ਹਨ੍ਹੇਰੇ ਨੂੰ ਦੂਰ ਕਰਨ ਲਈ ਰੋਸ਼ਨੀ ਪੈਦਾ ਕਰਕੇ ਉਨ੍ਹਾਂ ਦੀਆਂ ਆਤਮਾਵਾਂ ਨੂੰ ਬਲ ਬਖਸਣ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਕੌਮਾਂਤਰ ਪੱਧਰ ਤੇ ਹੋਰ ਵਧੇਰੇ ਉਜਾਗਰ ਕਰਨ ।
ਸ. ਮਾਨ ਨੇ ਆਪਣੀ ਅਮਰੀਕਾ ਯੂਨਿਟ ਦੇ ਅਗਜੈਕਟਿਵ ਮੈਂਬਰ ਅਤੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਮੈਂਬਰ ਸ. ਮਨਜੀਤ ਸਿੰਘ ਨਿਊਯਾਰਕ ਅਤੇ ਸ. ਗੁਰਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸਨ ਦੇ ਮੈਂਬਰ ਤੇ ਸ. ਸੁਰਜੀਤ ਸਿੰਘ ਕੁਲਾਰ ਪ੍ਰਧਾਨ ਅਮਰੀਕਾ ਯੂਨਿਟ ਦੇ ਰਿਸਤੇਦਾਰ ਦੀ ਕਰੋਨਾ ਵਾਈਰਸ ਦੀ ਬਿਮਾਰੀ ਦੀ ਵਜਹ ਨਾਲ ਦੋਵੇ ਮੈਬਰਾਂ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਮ੍ਰਿਤਕ ਪਰਿਵਾਰਾਂ ਅਤੇ ਸਿੱਖ ਕੌਮ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਵਿਛੜੀਆ ਆਤਮਾਵਾਂ ਲਈ ਅਰਦਾਸ ਵੀ ਕੀਤੀ । ਸ. ਮਾਨ ਨੇ ਜਿਥੇ ਦੁੱਖ ਦੀ ਘੜੀ ਵਿਚ ਇਹ ਅਰਜੋਈ ਕੀਤੀ, ਉਥੇ ਉਨ੍ਹਾਂ ਨੇ ਜਸਟਿਨ ਟਰੂਡੋਂ ਦੀ ਧਰਮ ਸਪਤਨੀ ਅਤੇ ਪ੍ਰਿੰਸ ਚਾਰਲਸ ਬਰਤਾਨੀਆ ਦੇ ਸਿੱਖ ਕੌਮ ਦੀ ਅਰਦਾਸ ਸਦਕਾ ਵਾਈਰਸ ਤੋਂ ਨਿਜਾਤ ਮਿਲਣ ਅਤੇ ਤੰਦਰੁਸਤ ਹੋਣ ਉਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਉਸ ਅਕਾਲ ਪੁਰਖ ਦਾ ਤਹਿ ਦਿਲੋਂ ਸੁਕਰਾਨਾ ਕੀਤਾ ।
WhatsAppFacebookTwitterEmailShare

LEAVE A REPLY

Please enter your comment!
Please enter your name here